ਅਦਾਲਤ ਜਾਣਾ

ਜੇ ਤੁਸੀਂ ਅਤੇ ਦੂਜਾ ਵਿਅਕਤੀ ਆਪਣੀ ਕਾਨੂੰਨੀ ਸਮੱਸਿਆ ਆਪਣੇ ਆਪ ਹੱਲ ਨਾ ਕਰ ਸਕਦੇ ਹੋਵੋ ਤਾਂ ਤੁਹਾਨੂੰ ਅਦਾਲਤ ਜਾਣਾ ਪੈ ਸਕਦਾ ਹੈ। ਆਪਣੇ ਕੇਸ ਬਾਰੇ ਕਦੇ ਕਦੇ ਕਿਸੇ ਵਕੀਲ ਨਾਲ ਗੱਲ ਕਰਨਾ ਚੰਗਾ ਹੈ। ਵਕੀਲ ਤੁਹਾਨੂੰ ਅਦਾਲਤੀ ਸਿਸਟਮ ਬਾਰੇ ਦੱਸ ਸਕਦਾ ਹੈ ਅਤੇ ਇਹ ਦੱਸ ਸਕਦਾ ਹੈ ਕਿ ਤੁਹਾਡੇ ਕੇਸ ਦਾ ਨਤੀਜਾ ਕੀ ਨਿਕਲ ਸਕਦਾ ਹੈ।

ਸਮਾਲ ਕਲੇਮਜ਼ ਕੋਰਟ ਕੋਲ ਕੇਸ ਲਿਜਾਣ ਲਈ ਚੁੱਕੇ ਜਾਣ ਵਾਲੇ ਆਮ ਕਦਮਾਂ ਬਾਰੇ ਹੇਠਾਂ ਦੱਸਿਆ ਗਿਆ ਹੈ।

ਦਾਅਵੇਦਾਰ ਕਾਨੂੰਨੀ ਕਾਰਵਾਈ ਸ਼ੁਰੂ ਕਰਦਾ ਹੈ

ਕਾਨੂੰਨੀ ਕਾਰਵਾਈ ਸ਼ੁਰੂ ਕਰਨ ਵਾਲੀ ਧਿਰ ਨੂੰ ਕਲੇਮੈਂਟ (ਦਾਅਵੇਦਾਰ) ਆਖਿਆ ਜਾਂਦਾ ਹੈ। ਜਿਸ ਧਿਰ `ਤੇ ਮੁਕੱਦਮਾ ਕੀਤਾ ਜਾ ਰਿਹਾ ਹੈ ਉਸ ਨੂੰ ਡਿਫਿਨਡੈਂਟ (ਮੁਦਾਲਾ) ਆਖਿਆ ਜਾਂਦਾ ਹੈ। ਇਹ ਫੈਸਲਾ ਦਾਅਵੇਦਾਰ ਕਰਦਾ ਹੈ ਕਿ ਉਸ ਨੇ ਆਪਣਾ ਕਲੇਮ ਕਿੱਥੇ ਦਰਜ ਕਰਵਾਉਣਾ ਹੈ। ਇਹ ਇਨ੍ਹਾਂ ਵਿੱਚੋਂ ਨੇੜੇ ਦੀ ਕੋਰਟ ਰਜਿਸਟਰੀ ਵਿਚ ਹੋਣਾ ਜ਼ਰੂਰੀ ਹੈ

  • ਜਿੱਥੇ ਡਿਫਿਨਡੈਂਟ ਰਹਿੰਦਾ ਹੈ (ਜਾਂ ਜਿੱਥੇ ਉਸ ਦਾ ਬਿਜ਼ਨਸ ਹੈ)
  • ਜਿੱਥੇ ਉਹ ਘਟਨਾ ਵਾਪਰੀ ਜਿਸ ਕਰਕੇ ਕਲੇਮ ਹੋਇਆ ਹੈ

ਦਾਅਵੇਦਾਰ ‘‘ਨੋਟਿਸ ਆਫ ਕਲੇਮ`’ ਨਾਂ ਦਾ ਫਾਰਮ ਭਰ ਕੇ ਸ਼ੁਰੂ ਕਰਦਾ ਹੈ। ਕੋਰਟ ਦੇ ਫਾਰਮ ਉਹ ਪੇਪਰ ਹਨ ਜਿਹੜੇ ਦੋਨੋਂ ਧਿਰਾਂ ਭਰਦੀਆਂ ਹਨ ਅਤੇ ਕੋਰਟ ਰਜਿਸਟਰੀ ਵਿਚ ਦਰਜ ਕਰਵਾਉਂਦੀਆਂ ਹਨ। ਉਹ ਕੇਸ ਨੂੰ ਕੋਰਟ ਸਿਸਟਮ ਵਿਚ ਲਿਜਾਂਦੇ ਹਨ। ਫਾਰਮਾਂ `ਤੇ ਹਿਦਾਇਤਾਂ ਲਿਖੀਆਂ ਹੁੰਦੀਆਂ ਹਨ। ਫਾਰਮ ਸਮਾਲ ਕਲੇਮਜ਼ ਕੋਰਟ ਰਜਿਸਟਰੀ ਤੋਂ ਜਾਂ ਔਨਲਾਈਨ ਮਿਲਦੇ ਹਨ।

ਦਾਅਵੇਦਾਰ, ਨੋਟਿਸ ਆਫ ਕਲੇਮ ਫਾਰਮ ਨੂੰ ਅਦਾਲਤ ਵਿਚਲੀ ਸਮਾਲ ਕਲੇਮਜ਼ ਕੋਰਟ ਰਜਿਸਟਰੀ ਕੋਲ ਲੈ ਕੇ ਜਾਂਦਾ ਹੈ ਅਤੇ ਦਰਜ ਕਰਵਾਉਣ ਦੀ ਫੀਸ ਦਿੰਦਾ ਹੈ। ਰਜਿਸਟਰੀ ਕਲਰਕ ਫਾਰਮ ਨੂੰ ਚੈੱਕ ਕਰਦਾ ਹੈ, ਇਕ ਕਾਪੀ ਰੱਖਦਾ ਹੈ ਅਤੇ ਫਾਰਮ ਦੀਆਂ ਕਾਪੀਆਂ ਦਾਅਵੇਦਾਰ ਨੂੰ ਵਾਪਸ ਕਰਦਾ ਹੈ। ਰਜਿਸਟਰੀ, ਦਾਅਵੇਦਾਰ ਨੂੰ ਰਪਲਾਈ ਨਾਂ ਦਾ ਇਕ ਹੋਰ ਫਾਰਮ ਵੀ ਦਿੰਦੀ ਹੈ। ਦਾਅਵੇਦਾਰ ਭਰੇ ਹੋਏ ਨੋਟਿਸ ਆਫ ਕਲੇਮ ਫਾਰਮ ਦੀ ਇਕ ਕਾਪੀ, ਅਤੇ ਰਪਲਾਈ ਫਾਰਮ ਦੀ ਖਾਲੀ ਕਾਪੀ ਨਿੱਜੀ ਤੌਰ `ਤੇ ਡਿਫਿਨਡੈਂਟ ਨੂੰ ਦਿੰਦਾ ਹੈ।

ਜੇ ਕੋਈ ਵਿਅਕਤੀ ਦਰਜ ਕਰਵਾਉਣ ਦੀ ਫੀਸ ਨਾ ਦੇ ਸਕਦਾ ਹੋਵੇ ਤਾਂ ਉਹ ਫੀਸ ਦਿੱਤੇ ਬਿਨਾਂ ਕਾਰਵਾਈ ਸ਼ੁਰੂ ਕਰਨ ਲਈ ਕੋਰਟ ਦੇ ਰਜਿਸਟਰਾਰ ਕੋਲ ਅਪਲਾਈ ਕਰ ਸਕਦਾ ਹੈ।

ਡਿਫਿਨਡੈਂਟ ਜਵਾਬ ਦਿੰਦਾ ਹੈ

ਨੋਟਿਸ ਆਫ ਕਲੇਮ ਫਾਰਮ ਅਤੇ ਰਪਲਾਈ ਫਾਰਮ ਡਿਫਿਨਡੈਂਟ (ਜਿਸ ਧਿਰ `ਤੇ ਮੁਕੱਦਮਾ ਕੀਤਾ ਜਾ ਰਿਹਾ ਹੈ) ਨੂੰ ਸਰਵ ਕੀਤੇ ਜਾਂਦੇ ਹਨ (ਨਿੱਜੀ ਤੌਰ `ਤੇ ਦਿੱਤੇ ਜਾਂਦੇ ਹਨ)। ਰਪਲਾਈ ਫਾਰਮ ਨੂੰ ਭਰਨ ਅਤੇ ਸਮਾਲ ਕਲੇਮਜ਼ ਕੋਰਟ ਰਜਿਸਟਰੀ ਵਿਚ ਦਰਜ ਕਰਵਾਉਣ ਲਈ ਡਿਫਿਨਡੈਂਟ ਕੋਲ 14 ਦਿਨ ਹੁੰਦੇ ਹਨ। ਜਵਾਬ ਵਿਚ, ਡਿਫਿਨਡੈਂਟ ਕਲੇਮ ਦਾ ਉੱਤਰ ਦਿੰਦਾ ਹੈ। ਦੂਜੇ ਸ਼ਬਦਾਂ ਵਿਚ, ਡਿਫਿਨਡੈਂਟ ਕਹਾਣੀ ਦਾ ਆਪਣਾ ਪੱਖ ਦੱਸਦਾ ਹੈ ਅਤੇ ਇਹ ਦੱਸਦਾ ਹੈ ਕਿ ਉਹ ਸਾਰੇ ਕਲੇਮ ਨਾਲ ਜਾਂ ਕਲੇਮ ਦੇ ਕੁਝ ਹਿੱਸੇ ਨਾਲ ਅਸਹਿਮਤ ਕਿਉਂ ਹੈ। ਕੋਰਟ ਰਜਿਸਟਰੀ ਜਵਾਬ ਡਾਕ ਰਾਹੀਂ ਦਾਅਵੇਦਾਰ ਨੂੰ ਭੇਜਦੀ ਹੈ।

ਜੇ ਡਿਫਿਨਡੈਂਟ ਜਵਾਬ ਨਹੀਂ ਦਿੰਦਾ ਹੈ

ਹੋ ਸਕਦਾ ਡਿਫਿਨਡੈਂਟ ਨੋਟਿਸ ਆਫ ਕਲੇਮ ਦਾ ਜਵਾਬ ਨਾ ਦੇਵੇ। ਉਹ ਇਹ ਵੀ ਸੋਚਦਾ ਹੋ ਸਕਦਾ ਹੈ ਕਿ ਦਾਅਵੇਦਾਰ ਪਿੱਛੇ ਹਟ ਜਾਵੇਗਾ। ਜੇ ਡਿਫਿਨਡੈਂਟ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਨੋਟਿਸ ਆਫ ਕਲੇਮ ਸਰਵ ਕੀਤੇ ਜਾਣ (ਦਿੱਤੇ ਜਾਣ) ਤੋਂ ਬਾਅਦ 14 ਦਿਨਾਂ ਦੇ ਵਿਚ ਵਿਚ ਜਵਾਬ ਦਰਜ ਨਹੀਂ ਕਰਵਾਉਂਦਾ ਤਾਂ ਦਾਅਵੇਦਾਰ ਜੱਜ ਤੋਂ ਉਸ ਦਾ ਆਰਡਰ ਲੈ ਸਕਦਾ ਹੈ ਜਿਹੜਾ ਉਹ ਕਲੇਮ ਕਰ ਰਿਹਾ ਸੀ। ਇਸ ਨੂੰ ਡਿਫਾਲਟ ਆਰਡਰ ਆਖਿਆ ਜਾਂਦਾ ਹੈ।

ਸੈਟਲਮੈਂਟ ਕਾਨਫਰੰਸ (ਨਿਪਟਾਰੇ ਲਈ ਮੀਟਿੰਗ)

ਸੈਟਲਮੈਂਟ ਕਾਨਫਰੰਸ ਜੱਜ, ਦਾਅਵੇਦਾਰ ਅਤੇ ਡਿਫਿਨਡੈਂਟ ਵਿਚਕਾਰ ਇਕ ਮੀਟਿੰਗ ਹੈ। ਇਸ ਮੀਟਿੰਗ ਦਾ ਮੰਤਵ ਝਗੜੇ ਬਾਰੇ ਵਿਚਾਰ ਕਰਨਾ ਅਤੇ ਅਦਾਲਤ ਵਿਚ ਮੁਕੱਦਮਾ ਚਲਾਏ ਬਿਨਾਂ ਇਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਾ ਹੈ।

ਜੱਜ ਝਗੜੇ ਬਾਰੇ ਕੁਝ ਸਵਾਲ ਪੁੱਛਦਾ ਹੈ ਅਤੇ ਇਹ ਪਤਾ ਲਾਉਂਦਾ ਹੈ ਕਿ ਕੀ ਦੋਨੋਂ ਧਿਰਾਂ ਇਸ ਚੀਜ਼ ਨਾਲ ਸਹਿਮਤ ਹੋ ਸਕਦੀਆਂ ਹਨ ਕਿ ਝਗੜੇ ਦਾ ਹੱਲ ਕਿਵੇਂ ਕਰਨਾ ਹੈ। ਉਦਾਹਰਣ ਲਈ, ਡਿਫਿਨਡੈਂਟ ਨੇ ਦਾਅਵੇਦਾਰ ਦੇ 12,000 ਡਾਲਰ ਦੇਣੇ ਹੋ ਸਕਦੇ ਹਨ, ਪਰ ਦਾਅਵੇਦਾਰ 9,000 ਡਾਲਰ ਪ੍ਰਵਾਨ ਕਰ ਸਕਦਾ ਹੈ ਜੇ ਪੈਸੇ ਫੌਰਨ ਦੇ ਦਿੱਤੇ ਜਾਣ। ਇਸ ਕੇਸ ਵਿਚ, ਜੱਜ ਡਿਫਿਨਡੈਂਟ ਨੂੰ 9,000 ਡਾਲਰ ਦਾਅਵੇਦਾਰ ਨੂੰ ਦੇਣ ਦਾ ਆਰਡਰ ਕਰਦਾ ਹੈ ਅਤੇ ਇਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਜੱਜ ਨੇ ਮੁਕੱਦਮੇ ਤੋਂ ਬਾਅਦ ਆਰਡਰ ਕਰਨਾ ਸੀ।

ਜੇ ਦੋਨੋਂ ਧਿਰਾਂ ਕਿਸੇ ਐਗਰੀਮੈਂਟ `ਤੇ ਨਾ ਪਹੁੰਚ ਸਕਣ ਤਾਂ ਮੁਕੱਦਮੇ ਲਈ ਤਾਰੀਕ ਮਿੱਥੀ ਜਾਵੇਗੀ। ਜੇ ਮੁਕੱਦਮਾ ਡੇਢ ਦਿਨ ਨਾਲੋਂ ਜ਼ਿਆਦਾ ਸਮਾਂ ਚੱਲਦਾ ਹੈ ਤਾਂ ‘‘ਟਰਾਇਲ ਕਾਨਫਰੰਸ`’ ਨਾਂ ਦੀ 30 ਮਿੰਟਾਂ ਦੀ ਇਕ ਹੋਰ ਮੀਟਿੰਗ ਹੋਵੇਗੀ ਜਿੱਥੇ ਹਰ ਕੋਈ ਮੁਕੱਦਮੇ ਬਾਰੇ ਗੱਲ ਕਰਨ ਲਈ ਮਿਲਦਾ ਹੈ। ਜੱਜ ਇਕ ਵਾਰ ਫਿਰ ਕੋਸ਼ਿਸ਼ ਕਰਦਾ ਹੈ ਕਿ ਦੋਨੋਂ ਧਿਰਾਂ ਝਗੜੇ ਦਾ ਹੱਲ ਕਰ ਲੈਣ। ਜੇ ਉਹ ਅਜਿਹਾ ਨਾ ਕਰ ਸਕਦੇ ਹੋਣ ਤਾਂ ਜੱਜ ਦੋਨਾਂ ਧਿਰਾਂ ਦੀ ਮੁਕੱਦਮੇ ਲਈ ਤਿਆਰ ਹੋਣ ਵਿਚ ਮਦਦ ਕਰਦਾ ਹੈ।

ਜੱਜ ਕਲੇਮ (ਦਾਅਵੇ) ਨੂੰ ਰੱਦ ਕਰ ਸਕਦਾ ਹੈ। ਜੇ ਜੱਜ ਇਹ ਯਕੀਨ ਨਾ ਕਰੇ ਕਿ ਦਾਅਵੇਦਾਰ ਦਾ ਵਾਜਬ ਕਲੇਮ ਹੈ ਤਾਂ ਜੱਜ ਮੁਕੱਦਮੇ ਤੋਂ ਪਹਿਲਾਂ ਹੀ ਕਾਨੂੰਨੀ ਕਾਰਵਾਈ ਰੋਕ ਸਕਦਾ ਹੈ।

Justice Education Society Citizenship and Immigration Canada Welcome BC City of Vancouver