ਕੈਨੇਡਾ ਦਾ ਅਦਾਲਤੀ ਸਿਸਟਮ

ਕਰਿਮੀਨਲ ਅਤੇ ਸਿਵਲ ਲਾਅ

ਕੈਨੇਡਾ ਵਿਚ ਕਾਨੂੰਨ ਦੀਆਂ ਦੋ ਕਿਸਮਾਂ ਹਨ। ਕਰਿਮੀਨਲ ਲਾਅ (ਫ਼ੌਜਦਾਰੀ ਕਾਨੂੰਨ) ਜੁਰਮ ਨਾਲ ਸਿੱਝਦਾ ਹੈ ਜਿਵੇਂ ਕੋਈ ਬੈਂਕ ਲੁੱਟਣਾ। ਜੇ ਕੋਈ ਵਿਅਕਤੀ ਕਿਸੇ ਜੁਰਮ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਸਰਕਾਰੀ ਵਕੀਲ (ਕਰਾਉਨ ਪ੍ਰੋਸੀਕਿਊਟਰ) ਸਰਕਾਰ ਲਈ ਵਕੀਲ ਹੈ। ਸਰਕਾਰੀ ਵਕੀਲ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਜਿਸ ਵਿਅਕਤੀ `ਤੇ ਕੋਈ ਜੁਰਮ ਕਰਨ ਦਾ ਦੋਸ਼ ਲਾਇਆ ਗਿਆ ਹੈ (ਕਥਿਤ ਦੋਸ਼ੀ), ਉਹ ‘‘ਇਕ ਵਾਜਬ ਸ਼ੱਕ ਤੋਂ ਅਗਾਂਹ`’ ਦੋਸ਼ੀ ਹੈ। ਇਸ ਦਾ ਮਤਲਬ ਹੈ ਕਿ ਜੱਜ (ਜਾਂ ਜਿਊਰੀ) ਲਈ ਤਕਰੀਬਨ ਇਹ ਪੱਕਾ ਹੋਣਾ ਚਾਹੀਦਾ ਹੈ ਕਿ ਕਥਿਤ ਦੋਸ਼ੀ ਨੇ ਜੁਰਮ ਕੀਤਾ ਹੈ। ਕਥਿਤ ਦੋਸ਼ੀ ਇਹ ਸਾਬਤ ਨਹੀਂ ਕਰਦਾ ਕਿ ਉਹ ਨਿਰਦੋਸ਼ ਹੈ।

ਸਿਵਲ ਲਾਅ (ਦਿਵਾਨੀ ਕਾਨੂੰਨ) ਬਾਕੀ ਸਾਰੇ ਕਾਨੂੰਨੀ ਮਾਮਲਿਆਂ ਨਾਲ ਸਿੱਝਦਾ ਹੈ, ਜਿਵੇਂ ਕਿ ਇਕਰਾਰਨਾਮੇ, ਜਾਇਦਾਦ ਖਰੀਦਣਾ, ਨਿੱਜੀ ਸੱਟ, ਅਤੇ ਇਸ ਤਰ੍ਹਾਂ ਹੋਰ ਬਹੁਤ ਕੁਝ। ਜੇ ਲੋਕ ਸਿਵਲ ਲਾਅ ਦੀਆਂ ਸਮੱਸਿਆਵਾਂ ਆਪਣੇ ਆਪ ਹੱਲ ਨਾ ਕਰ ਸਕਦੇ ਹੋਣ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਪੈ ਸਕਦੀ ਹੈ ਅਤੇ ਆਪਣੇ ਕੇਸ ਬਾਰੇ ਕਿਸੇ ਜੱਜ ਤੋਂ ਫੈਸਲਾ ਕਰਵਾਉਣਾ ਪੈ ਸਕਦਾ ਹੈ। ਜਿਹੜਾ ਵਿਅਕਤੀ ਕਾਨੂੰਨੀ ਕਾਰਵਾਈ ਸ਼ੁਰੂ ਕਰਦਾ ਹੈ ਉਸ ਨੂੰ ‘‘ਕਲੇਮੰਟ`’ (ਦਾਅਵੇਦਾਰ) ਆਖਿਆ ਜਾਂਦਾ ਹੈ। ਜਿਸ ਵਿਅਕਤੀ `ਤੇ ਕਲੇਮੰਟ ਮੁਕੱਦਮਾ ਕਰ ਰਿਹਾ ਹੈ, ਉਸ ਨੂੰ ‘‘ਡਿਫਿਨਡੈਂਟ`’ (ਮੁਦਾਲਾ) ਆਖਿਆ ਜਾਂਦਾ ਹੈ। ਦਿਵਾਨੀ ਮੁਕੱਦਮੇ ਵਿਚ ਦਾਅਵੇਦਾਰ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਉਸ ਦਾ ਕੇਸ ‘‘ਸੰਭਾਵਨਾਵਾਂ ਦੇ ਸੰਤੁਲਨ `ਤੇ ਹੈ``। ਇਸ ਦਾ ਮਤਲਬ ਹੈ ਕਿ ਦਾਅਵੇਦਾਰ ਲਈ ਜੱਜ ਨੂੰ ਇਹ ਮਨਵਾਉਣਾ ਜ਼ਰੂਰੀ ਹੈ ਕਿ ਉਸ ਦੀ ਕਹਾਣੀ ਮੁਦਾਲੇ ਦੀ ਕਹਾਣੀ ਨਾਲੋਂ ‘‘ਸੱਚੇ ਹੋਣ ਦੀ ਜ਼ਿਆਦਾ ਸੰਭਾਵਨਾ ਹੈ``।

ਫੈਮਿਲੀ ਲਾਅ (ਪਰਿਵਾਰਾਂ ਬਾਰੇ ਕਾਨੂੰਨ) ਦੇ ਕੇਸ, ਜਿਵੇਂ ਕਿ ਤਲਾਕ, ਦਿਵਾਨੀ ਕਾਨੂੰਨ ਦੀ ਇਕ ਹੋਰ ਕਿਸਮ ਹਨ। ਤੁਸੀਂ ਫੈਮਿਲੀ ਲਾਅ ਦੇ ਕੇਸਾਂ ਬਾਰੇ ਇੱਥੇ ਕਲਿੱਕ ਕਰਕੇ ਹੋਰ ਜਾਣ ਸਕਦੇ ਹੋ।

ਸਾਡੀਆਂ ਅਦਾਲਤਾਂ ਦਾ ਢਾਂਚਾ ਕਿਸ ਤਰ੍ਹਾਂ ਹੈ

ਕੈਨੇਡਾ ਵਿਚ ਅਦਾਲਤਾਂ ਦੇ ਵੱਖ ਵੱਖ ਪੱਧਰ ਅਤੇ ਕਿਸਮਾਂ ਹਨ। ਹਰ ਅਦਾਲਤ ਦਾ ਵੱਖਰਾ ‘‘ਅਧਿਕਾਰ ਖੇਤਰ`’ ਹੈ, ਜਿਸ ਦਾ ਮਤਲਬ ਹੈ ਕਿ ਉਹ ਵੱਖੋ ਵੱਖਰੀਆਂ ਕਿਸਮਾਂ ਦੇ ਕੇਸਾਂ ਦਾ ਫੈਸਲਾ ਕਰ ਸਕਦੀਆਂ ਹਨ। ਇਹ ਹਨ:

 • ਸੂਬਾਈ ਅਤੇ ਟੈਰੀਟੋਰੀਅਲ ਕੋਰਟਸ;
 • ਸੁਪੀਰੀਅਰ ਕੋਰਟਸ;
 • ਕੋਰਟਸ ਆਫ ਅਪੀਲ;
 • ਫੈਡਰਲ ਕੋਰਟਸ।

ਮੱਤਭੇਦਾਂ ਦੇ ਹੱਲ ਕਰਨ ਵਿਚ ਟ੍ਰਿਬਿਊਨਲ ਮਹੱਤਵਪੂਰਨ ਰੋਲ ਨਿਭਾਉਂਦੇ ਹਨ, ਪਰ ਉਹ ਅਦਾਲਤੀ ਸਿਸਟਮ ਦਾ ਹਿੱਸਾ ਨਹੀਂ ਹਨ।

ਇਹ ਚਾਰਟ ਇਹ ਦਿਖਾਉਂਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਸਾਡੀਆਂ ਅਦਾਲਤਾਂ ਦਾ ਢਾਂਚਾ ਕਿਵੇਂ ਹੈ, ਜੋ ਕਿ ਸੂਬਾਈ ਅਦਾਲਤ ਦੇ ‘‘ਪਹਿਲੇ ਪੱਧਰ`’ ਤੋਂ ਲੈ ਕੇ ਕੋਰਟ ਆਫ ਅਪੀਲ ‘‘ਸਭ ਤੋਂ ਉਚੇਰੀ ਅਦਾਲਤ`’ ਤੱਕ ਹੈ।

 

 

ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ

ਬੀ ਸੀ ਦੀ ਸੂਬਾਈ ਅਦਾਲਤ (ਪ੍ਰੋਵਿੰਸ਼ੀਅਲ ਕੋਰਟ ਆਫ ਬੀ ਸੀ) ਅਦਾਲਤ ਦਾ ਪਹਿਲਾ ਪੱਧਰ ਹੈ। ਸੂਬਾਈ ਅਦਾਲਤ ਜੁਰਮਾਂ ਦੇ ਬਹੁਤੇ ਕੇਸ ਸੁਣਦੀ ਹੈ। ਇਹ 18 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਬੱਚਿਆਂ ਦੇ ਕੇਸ ਵੀ ਸੁਣਦੀ ਹੈ (ਜਿਨ੍ਹਾਂ ਨੂੰ ਯੰਗ ਓਫੈਂਡਰਜ਼ ਆਖਿਆ ਜਾਂਦਾ ਹੈ) ਜਿਨ੍ਹਾਂ ਨੂੰ ਕੋਈ ਜੁਰਮ ਕਰਨ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ।

ਸੂਬਾਈ ਅਦਾਲਤ ਅਜਿਹੇ ਕੇਸ ਵੀ ਸੁਣਦੀ ਹੈ ਜਿਨ੍ਹਾਂ ਵਿਚ ਫ਼ੌਜਦਾਰੀ ਕਾਨੂੰਨ ਸ਼ਾਮਲ ਨਹੀਂ ਹੁੰਦਾ। ਇਹ ਸੁਣਦੀ ਹੈ:

 • ਫੈਮਿਲੀ ਲਾਅ ਦੇ ਬਹੁਤ ਸਾਰੇ ਕੇਸ (ਪਰ ਤਲਾਕ ਜਾਂ ਪਰਿਵਾਰ ਵਲੋਂ ਵਰਤੀ ਜਾਂਦੀ ਜਾਇਦਾਦ ਦੀ ਵੰਡ ਦੇ ਕੇਸ ਨਹੀਂ)। ਇਸ ਨੂੰ ਫੈਮਿਲੀ ਕੋਰਟ ਆਖਿਆ ਜਾਂਦਾ ਹੈ। ਤੁਸੀਂ ਫੈਮਿਲੀ ਕੋਰਟ ਬਾਰੇ ਜ਼ਿਆਦਾ ਇੱਥੇ ਜਾਣ ਸਕਦੇ ਹੋ
 • ਦਿਵਾਨੀ ਕੇਸ ਜਿੱਥੇ ਕਲੇਮ ਕੀਤੇ ਜਾਣ ਵਾਲੇ ਪੈਸੇ ਦੀ ਰਕਮ 25,000 ਡਾਲਰ ਤੱਕ ਹੁੰਦੀ ਹੈ। ਇਸ ਨੂੰ ਸਮਾਲ ਕਲੇਮਜ਼ ਕੋਰਟ ਆਖਿਆ ਜਾਂਦਾ ਹੈ। (ਤੁਸੀਂ ਸਮਾਲ ਕਲੇਮਜ਼ ਕੋਰਟ ਬਾਰੇ ਇੱਥੇ ਕਲਿੱਕ ਕਰਕੇ ਜ਼ਿਆਦਾ ਜਾਣ ਸਕਦੇ ਹੋ
 • ਉਹ ਕੇਸ ਜਿਨ੍ਹਾਂ ਵਿਚ ਟਰੈਫਿਕ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹੁੰਦੀ ਹੈ

ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ

ਬੀ ਸੀ ਸੁਪਰੀਮ ਕੋਰਟ ਕੋਲ ਬਹੁਤੇ ਕਾਨੂੰਨੀ ਕੇਸ ਸੁਣਨ ਦਾ ਅਧਿਕਾਰ ਖੇਤਰ (ਫੈਸਲਾ ਕਰਨ ਦਾ ਹੱਕ) ਹੈ। ਇਹ ਕੇਸ ਸੁਣਦੀ ਹੈ

 • ਗੰਭੀਰ ਜੁਰਮਾਂ ਬਾਰੇ;
 • ਵੱਡੀ ਰਕਮਾਂ ਵਾਲੇ ਦਿਵਾਨੀ ਕੇਸ;
 • ਫੈਮਿਲੀ ਕੇਸ ਜੋ ਕਿ ਤਲਾਕ ਜਾਂ ਪਰਿਵਾਰ ਦੀ ਮਾਲਕੀਅਤ ਵਾਲੀ ਜਾਇਦਾਦ ਦੀ ਵੰਡ ਬਾਰੇ ਹੁੰਦੇ ਹਨ;
 • ਸੂਬਾਈ ਅਦਾਲਤ ਤੋਂ ਕੇਸਾਂ ਦੀਆਂ ਅਪੀਲਾਂ।

ਕੋਰਟ ਆਫ ਅਪੀਲ ਫਾਰ ਬ੍ਰਿਟਿਸ਼ ਕੋਲੰਬੀਆ

ਜੇ ਇਕ ਧਿਰ ਬੀ ਸੀ ਸੁਪਰੀਮ ਕੋਰਟ ਵਿਚਲੇ ਆਪਣੇ ਮੁਕੱਦਮੇ ਦੇ ਫੈਸਲੇ ਨਾਲ ਸਹਿਮਤ ਨਾ ਹੋਵੇ ਤਾਂ ਉਹ ਆਪਣੇ ਕੇਸ ਦੀ ਬੀ ਸੀ ਕੋਰਟ ਆਫ ਅਪੀਲ ਅੱਗੇ ‘‘ਅਪੀਲ`’ ਕਰ ਸਕਦੀ ਹੈ। ਅਪੀਲ ਦਾ ਮਤਲਬ ਹੈ ਕਿ ਕਿਸੇ ਹੋਰ ਅਦਾਲਤ ਦੇ ਜੱਜ ਇਹ ਦੇਖਣ ਲਈ ਉਨ੍ਹਾਂ ਦੇ ਕੇਸ `ਤੇ ਵਿਚਾਰ ਕਰਨਗੇ ਕਿ ਕੀ ਜੱਜ ਨੇ ਸਹੀ ਫੈਸਲਾ ਕੀਤਾ ਹੈ। ਆਮ ਤੌਰ `ਤੇ, ਕੋਰਟ ਆਫ ਅਪੀਲ ਦੇ ਤਿੰਨ ਜੱਜ ਅਪੀਲ ਸੁਣਨਗੇ।

ਫੈਡਰਲ ਅਦਾਲਤਾਂ

ਫੈਡਰਲ ਅਦਾਲਤੀ ਸਿਸਟਮ, ਸੂਬਾਈ ਅਦਾਲਤੀ ਸਿਸਟਮ ਨਾਲੋਂ ਵੱਖਰਾ ਹੈ। ਫੈਡਰਲ ਕੋਰਟ ਸਿਰਫ ਕੁਝ ਅਜਿਹੇ ਕੇਸ ਹੀ ਸੁਣ ਸਕਦੀ ਹੈ ਜਿਨ੍ਹਾਂ ਵਿਚ ਸਾਰੇ ਕੈਨੇਡੀਅਨਾਂ ਦੇ ਹੱਕ ਸ਼ਾਮਲ ਹੁੰਦੇ ਹਨ, ਜਿਵੇਂ ਕਿ ਸਿਟੀਜ਼ਨਸ਼ਿਪ, ਅਤੇ ਉਹ ਕੇਸ ਸੁਣ ਸਕਦੀ ਹੈ ਜਿਨ੍ਹਾਂ ਵਿਚ ਕੈਨੇਡਾ ਸਰਕਾਰ ਦੀ ਕੋਈ ਸੰਸਥਾ ਸ਼ਾਮਲ ਹੁੰਦੀ ਹੈ (ਜਿਵੇਂ ਕੈਨੇਡਾ ਪੋਸਟ)।

ਫੈਡਰਲ ਕੋਰਟ ਤੋਂ ਅਪੀਲ ਫੈਡਰਲ ਕੋਰਟ ਆਫ ਅਪੀਲ ਨੂੰ ਜਾਂਦੀ ਹੈ, ਅਤੇ ਫਿਰ ਸੁਪਰੀਮ ਕੋਰਟ ਆਫ ਕੈਨੇਡਾ (ਕੈਨੇਡਾ ਦੀ ਸੁਪਰੀਮ ਕੋਰਟ) ਕੋਲ ਜਾਂਦੀ ਹੈ।

ਸੁਪਰੀਮ ਕੋਰਟ ਆਫ ਕੈਨੇਡਾ

ਓਟਵਾ ਵਿਖੇ, ਸੁਪਰੀਮ ਕੋਰਟ ਆਫ ਕੈਨੇਡਾ, ਕੈਨੇਡਾ ਵਿਚ ਅਦਾਲਤ ਦਾ ਸਭ ਤੋਂ ਉਪਰਲਾ ਪੱਧਰ ਹੈ। ਇਹ ਕੈਨੇਡਾ ਵਿਚਲੀਆਂ ਸਾਰੀਆਂ ਹੋਰ ਅਦਾਲਤਾਂ ਤੋਂ ਅਪੀਲਾਂ ਸੁਣਦੀ ਹੈ। ਸੁਪਰੀਮ ਕੋਰਟ ਆਫ ਕੈਨੇਡਾ ਵਲੋਂ ਕੀਤੇ ਜਾਣ ਵਾਲੇ ਫੈਸਲੇ ਦੀ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ।

ਟ੍ਰਿਬਿਊਨਲ

ਟ੍ਰਿਬਿਊਨਲ ਅਦਾਲਤਾਂ ਵਾਂਗ ਹੀ ਹਨ, ਪਰ ਇਹ ਅਦਾਲਤੀ ਸਿਸਟਮ ਦਾ ਹਿੱਸਾ ਨਹੀਂ ਹਨ। ਟ੍ਰਿਬਿਊਨਲ ਦੀ ਇਕ ਉਦਾਹਰਣ, ਰੈਜ਼ੀਡੈਂਸ਼ਲ ਟੇਨੈਂਸੀ ਬਰਾਂਚ ਹੈ, ਜੋ ਕਿ ਮਕਾਨ-ਮਾਲਕਾਂ ਅਤੇ ਕਿਰਾਏਦਾਰਾਂ ਵਿਚਕਾਰ ਮਤਭੇਦ ਹੱਲ ਕਰਦੀ ਹੈ। ਖਾਸ ਮਤਭੇਦ ਹੱਲ ਕਰਨ ਲਈ ਟ੍ਰਿਬਿਊਨਲ ਇਕ ਮਹੱਤਵਪੂਰਨ ਸਿਸਟਮ ਹਨ।

ਟ੍ਰਿਬਿਊਨਲ ਸਰਕਾਰ ਦੇ ਖਾਸ ਨਿਯਮਾਂ ਅਤੇ ਕਾਨੂੰਨਾਂ ਬਾਰੇ ਮਤਭੇਦ ਸੁਣਦੇ ਹਨ। ਇਕ ਅਡਜੂਡੀਕੇਟਰ (ਫੈਸਲਾ ਕਰਨ ਵਾਲਾ), ਕੇਸ ਸੁਣਦਾ ਹੈ, ਜੱਜ ਨਹੀਂ। ਇਹ ਕਾਰਵਾਈ ਅਦਾਲਤੀ ਸੁਣਵਾਈ ਨਾਲੋਂ ਘੱਟ ਰਸਮੀ ਹੁੰਦੀ ਹੈ। ਅਡਜੂਡੀਕੇਟਰਾਂ ਨੂੰ ਕਾਨੂੰਨ ਦੇ ਇਕ ਖੇਤਰ ਬਾਰੇ ਖਾਸ ਜਾਣਕਾਰੀ ਹੁੰਦੀ ਹੈ, ਜਿਵੇਂ ਕਿ ਇਮਪਲੌਏਮੈਂਟ ਇਨਸ਼ੋਰੈਂਸ, ਡਿਸਏਬਿਲਟੀ ਬੈਨੇਫਿਟਸ, ਜਾਂ ਰਫਿਊਜੀ ਕਲੇਮ।

ਟ੍ਰਿਬਿਊਨਲ ਵਲੋਂ ਕੀਤੇ ਗਏ ਫੈਸਲੇ ਅਦਾਲਤ ਵਲੋਂ ‘‘ਜੂਡੀਸ਼ੀਅਲ ਰਿਵੀਊ`’ ਨਾਂ ਦੇ ਇਕ ਕਾਰਜ ਰਾਹੀਂ ਵਿਚਾਰੇ ਜਾ ਸਕਦੇ ਹਨ। ਕਿਸੇ ਟ੍ਰਿਬਿਊਨਲ ਦੇ ਫੈਸਲੇ ਨੂੰ ਰੱਦ ਕਰਨਾ ਅਕਸਰ ਔਖਾ ਹੁੰਦਾ ਹੈ ਕਿਉਂਕਿ ਜੱਜ ਕਿਸੇ ਮਾਹਰ ਟ੍ਰਿਬਿਊਨਲ ਵਲੋਂ ਕੀਤੇ ਗਏ ਫੈਸਲੇ ਬਾਰੇ ਦੂਜਾ ਅੰਦਾਜ਼ਾ ਲਾਉਣਾ ਪਸੰਦ ਨਹੀਂ ਕਰਦੇ।

ਪ੍ਰਬੰਧਕੀ ਟ੍ਰਿਬਿਊਨਲਾਂ ਬਾਰੇ ਜ਼ਿਆਦਾ ਜਾਣਨ ਲਈ AdminLawBC.ca`ਤੇ ਜਾਉ।

Justice Education Society Citizenship and Immigration Canada Welcome BC City of Vancouver